Search This Blog

Monday, March 27, 2006

ਅਸਲ਼ ਖ਼ਾਲਸਾਈ ਮੋਰਚੇ

ਖੜਗਪੁਰ ਸਟੇਸ਼ਨ ਤੇ ਸੰਗਤਾਂ ਦੇ ਮੇਲੇ ਤੇ ਅਨੰਦ ਕੁਲਾਹਾਲ

ਇਤਨੇ ਨੂੰ ਖੜਗਪੁਰ ਸਟੇਸ਼ਨ ਆ ਗਿਆ। ਏਥੇ ਆ ਕੇ ਤਾਂ ਅਕਾਲੀ ਸੰਗਤ ਦਾ ਸਮੁੰਦਰ ਹੀ ਸਟੇਸ਼ਨਤੇ ਆ ਕੇ ਠਾਠਾਂ ਮਾਰਨ ਲਗ ਪਿਆ। ਇਸ ਸ਼ਹਿਰ ਖੜਗਪੁਰ ਵਿਖੇ ਰੇਲਵੇ ਦੀ ਬੜੀ ਭਾਰੀ ਵਰਕਸ਼ਾਪ ਹੈ। ਪੰਜ ਛੇ ਹਜ਼ਾਰ ਕਿਰਤੀ ਸਿੱਖ ਏਥੇ ਕੰਮ ਕਰਦੇ ਸਨ, ਸਾਰੇ ਦੇ ਸਾਰੇ ਹੀ ਸਣ-ਟਬਰੇ ਉਲਟ ਕੇ ਆ
ਪਏ। ਸਬੱਬ ਨਾਲ ਉਥੇ ਇਕ ਤਕੜੀ ਪੁਲੀਟੀਕਲ ਮੀਟਿੰਗ ਭੀ ਹੈਸੀ। ਸਿੰਘਾਂ ਮੀਟਿੰਗ ਵਿਚ ਸਾਡੇ ਆਉਣ ਦਾ ਜ਼ਿਕਰ ਕਰ ਦਿਤਾ। ਫੇਰ ਕੀ ਸੀ ਪੰਦਰਾਂ ਬੀਸ ਹਜ਼ਾਰ ਦਾ ਇਕੱਠ ਹਿੰਦੂ ਮੁਸਲਮਾਨ ਸਿੰਘਾਂ ਦਾ ਹੋ ਗਿਆ। ਉਹਨੀਂ ਦਿਨੀਂ ਇਤਫ਼ਾਕ ਦੀ ਬੜੀ ਲਹਿਰ ਬਹਿਰ ਸੀ। ਮੀਟਿੰਗ ਬਰਖ਼ਾਸਤ ਕਰਕੇ ਸਾਰੇ
ਇਕੱਠੇ ਹੋ ਕੇ ਸਟੇਸ਼ਨ ਪਲੇਟ ਫਾਰਮ ਉਤੇ ਪੁਜ ਗਏ। ਪਲੇਟ ਫਾਰਮ ਉਤੇ ਤਿਲ ਸਿਟਣ ਨੂੰ ਥਾਉਂ ਨਾ ਮਿਲੇ। ਸਿੰਘ ਸੰਗਤਾਂ ਦੇ ਉਤਸ਼ਾਹ ਉਮਾਹ ਦਾ ਤਾਂ ਅੰਤ ਹੀ ਕੋਈ ਨਾ ਰਿਹਾ। ਅਸੀਂ ਸਾਰੇ ਹੀ ਗੱਡੀ ਤੋਂ ਉਤਰ ਕੇ ਉਸ ਠਾਠਾਂ ਮਾਰ ਰਹੇ ਸੰਗਤ ਸਰੋਵਰ ਵਿਚ ਰਲ਼ ਕੇ ਘਿਉ ਖਿਚੜੀ ਹੋ ਗਏ। ਮਿਸ਼ਨਰੀ
ਇੰਨਸਪੈਕਟਰ ਨੇ ਮੇਰੇ ਪਾਸ ਆ ਕੇ ਕਿਹਾ ਕਿ ‘ਆਪ ਨੇ ਮੇਰੀ ਪੈਜ ਰਖਣੀ ਹੈ, ਮੈਨੂੰ ਕੁਛ ਪਛਾਣ ਨਹੀਂ ਕਿ ਤੁਹਾਡੇ ਆਦਮੀ ਕਿਹੜੇ ਕਿਹੜੇ ਅਤੇ ਕਿਥੇ ਕਿਥੇ ਹਨ। ਤੁਹਾਡੇ ਹੱਥ ਮੇਰੀ ਪੱਤ ਹੈ। ਮੇਰਾ ਇੰਤਜ਼ਾਮ ਏਥੇ ਕੁਛ ਨਹੀਂ, ਚਾਹੇ ਸਾਰੇ ਹੀ ਗੁੰਮ ਹੋ ਜਾਣ ਚਾਹੇ ਭੱਜ ਜਾਣ, ਰਬ ਆਸਰੇ ਡੋਰੀ ਹੈ।’ ਦਾਸ ਨੇ ਉਸ ਨੂੰ
ਨਿਸਚਾ ਦਿਵਾਇਆ ਕਿ ‘ਦਿਲ ਠਿਕਾਣੇ ਰਖੋ, ਤੁਹਾਡੀ ਸ਼ਰਾਫਤ ਨੂੰ ਸਭ ਸ਼ਰੀਫ ਹੋ ਕੇ ਵਰਤਣਗੇ। ਰਤਾ ਫਿਕਰ ਨਾ ਕਰੋ, ਰੱਬ ਆਸਰੇ ਸ਼ਾਕਰ ਹੋ ਰਹੋ।’

ਇਕ ਆਨ ਵਿਚ ਹੀ ਖੜਗਪੁਰੀ ਸਿੰਘਾਂ ਨੇ ਨਾਨਾ ਪ੍ਰਕਾਰੀ ਭੋਜਨ ਬਿੰਜਨ ਆਣ ਮੌਜੂਦ ਕੀਤੇ ਅਤੇ ਖ਼ਾਲਸੇ ਦੀਆਂ ਪੰਗਤਾਂ ਲਗ ਗਈਆਂ। ਰੱਜ ਰੱਜ ਭੋਜਨ ਭੁੰਝੇ। ਸਿਪਾਹੀਆਂ ਅਤੇ ਦੋਹਾਂ ਦੇਸੀ ਤੇ ਗੋਰੇ ਇੰਨਸਪੈਕਟਰਾਂ ਦੇ ਭੀ ਫਾਕੇ ਕੜਾਕੇ ਟੁੱਟੇ। ਜਿਉਂ ਧੁਰ ਹਜ਼ਾਰੀ ਬਾਗ਼ੋਂ ਤੁਰੇ ਸਾਂ ਕਿਸੇ ਸਰਕਾਰੀ ਆਦਮੀ ਨੂੰ ਕਿਸੇ ਥਾਉਂ ਕੱਖ ਭੀ ਖਾਣ ਨੂੰ ਨਹੀਂ ਸੀ ਮਿਲਿਆ ਸੀ। ਕੋਈ ਹਲਵਾਈ ਛਾਬੜੀ ਵਾਲਾ ਉਹਨਾਂ ਨੂੰ ਫਲ ਡਬਲਰੋਟੀ, ਚਾਹ ਦੁਧ ਦੇਵੇ ਹੀ ਨਾ। ਸਰਕਾਰੀ ਆਦਮੀਆਂ ਦੇ ਨੇੜੇ ਹੀ ਨਾ ਆਵਣ ਅਤੇ ਸਰਕਾਰੀ ਆਦਮੀ ਸਾਨੂੰ ਛੱਡ ਕੇ ਸੌਦਾ ਖਰੀਦਣ ਜਾਣ ਵੀ ਨਾ। ਸਭ ਭੁੱਖਣ ਭਾਣੇ ਹੀ ਢਿੱਡ ਵਿਚ ਮੁੱਕੀਆਂ ਦੇਈ ਫਿਰਨ। ਸਭ ਦੀਆਂ ਆਂਦਰਾਂ ਕੁਲ ਹੀ ਵਿੱਲਾ ਪੜ੍ਹਨਿ। ਸਾਨੂੰ ਛਡ ਕੇ ਰੇਲਵੇ ਰੀਫਰੈਸ਼ਮੈਂਟ ਰੂਮ ਵਿਚ ਜਾ ਨਾ ਸਕਣ ਕਿਉਂਕਿ ਡਿਊਟੀ ਤੋਂ ਵੇਹਲ ਨਹੀਂ ਸੀ। ਮੁਲਕ ਵਿਚ ਲਹਿਰ ਤੇ ਜੋਸ਼ ਦੇ ਕਾਰਣ ਛਾਬੜੀ ਵਾਲੇ ਉਹਨਾਂ ਨੂੰ ਸੌਦਾ ਨਾ ਦੇਣ। ਲੰਗਰ ਵਰਤਦਾ ਵੇਖ ਕੇ ਗੋਰਾ ਇੰਨਸਪੈਕਟਰ ਮੇਰੇ ਪਾਸ ਕਾਲਜਾ ਥੰਮੀ ਭਜਿਆ ਆਇਆ। ਆਪਣੀ ਅਤੇ ਆਪਣੇ ਅਮਲੇ ਦੀ ਭੁੱਖ ਦੋਖੀ ਵਾਲੀ ਸਭ ਵਿਥਿਆ ਸੁਣਾਈ ਤਾਂ ਅਸੀਂ ਉਹਨਾਂ ਦੀਆਂ ਪੰਗਤਾਂ ਵੀ ਲਵਾ ਦਿਤੀਆਂ ਅਤੇ ਗੋਰੇ ਸਾਹਿਬ ਨੂੰ ਡਬਲ ਰੋਟੀ, ਫਲ, ਚਾਹ ਦਿਵਾ ਦਿਤੀ। ਫੇਰ ਤਾਂ ਸਾਨੂੰ ਬੜੀਆਂ ਹੀ ਅਸੀਸਾਂ ਦੇਣ। ਏਥੇ ਕਈ ਘੰਟੇ ਗੱਡੀ ਖੜ੍ਹਨੀ ਸੀ, ਸੋ ਰੱਜ ਕੇ ਦਰਸ਼ਨ ਹੋਏ। ਕਾਂਗਰਸੀਆਂ ਦੇ ਰੇਲਵੇ ਪਲੇਟ ਫਾਰਮ ਪਰ ਭੀ ਲੈਕਚਰ ਹੋਣੇ ਆਰੰਭ ਹੋਏ। ਬੜੇ ਬੜੇ ਉੱਘੇ ਹਿੰਦੁਸਤਾਨੀ ਲੀਡਰ ਲੈਕਚਰਾਰ ਆਏ ਹੋਏ ਸਨ। ਸਾਰਾ ਸਟੇਸ਼ਨ ਹਜ਼ਾਰਾਂ ਹੀ ਲੋਕਾਂ ਨਾਲ ਘਿਰਿਆ ਹੋਇਆ ਸੀ ਅਤੇ ਵਿਚਾਲੇ ਅਸੀਂ ਇਕ ਮਿਕ ਹੋਏ ਵੇ ਸੀ।

ਸਾਡਾ ਰਹਿਰਾਸ ਦਾ ਸਮਾਂ ਹੋ ਗਿਆ। ਓਧਰ ਸ਼ਹਿਰ ਦੇ ਉੱਘੇ ਸਰਕਾਰੀ ਅਫ਼ਸਰਾਂ ਨੂੰ ਪਤੇ ਜਾ ਹੋਏ। ਉਹਨਾਂ ਨੇ ਬੜਾ ਖ਼ਤਰਾ ਪ੍ਰਤੀਤ ਕੀਤਾ, ਫੌਰਨ ਸਪੈਸ਼ਲ ਇੰਜਨ ਲਾ ਕੇ ਸਾਡੀ ਗੱਡੀ ਤੋਰ ਦਿਤੀ ਅਤੇ ਗਜਦਿਆਂ ਜੈਕਾਰਿਆਂ ਵਿਚ ਤਿਆਰੇ ਹੋ ਗਏ। ਜਦ ਸਾਰੀਆਂ ਤੇਈ ਦੀਆਂ ਤੇਈ ਲੱਖ ਫ਼ੌਜਾਂ ਡੱਬੇ ਵਿਚ
ਆਣ ਜਮ੍ਹਾਂ ਹੋਈਆਂ ਤਾਂ ਗੋਰੇ ਇੰਨਸਪੈਕਟਰ ਸਾਹਿਬ ਨੂੰ ਮੈਂ ਬੁਲਾ ਕੇ ਆਖਿਆ ਕਿ ‘ਲਓ ਆਪਣੀ ਗਿਣਤੀ ਪੂਰੀ ਕਰ ਲਵੋ।’ ਉਹ ਤੌਰੇ ਭੋਰੇ ਹੋਇਆ ਫਿਰੇ। ਐਸਾ ਘਬਰਾਇਆ ਕਿ ਉਸ ਪਾਸੋਂ ਗਿਣਤੀ ਹੀ ਪੂਰੀ ਨਾ ਹੋਵੇ। ਕਦੇ ਬਾਈ (੨੨) ਹੋ ਜਾਣ ਕਦੇ ਚੌਬੀ (੨੪) ਕਦੇ ਤੇਈ ਭੀ। ਤਿੰਨ ਚਾਰ ਵਾਰ ਜਦ
ਐਸਾ ਹੋਇਆ ਤਾਂ ਮੈਨੂੰ ਆਖਣ ਲੱਗਾ, ‘ਮੈਥੋਂ ਤੁਹਾਡੇ ਖ਼ਾਲਸੇ ਦੀ ਗਿਣਤੀ ਹੀ ਪੂਰੀ ਨਹੀਂ ਹੁੰਦੀ।’ ਮੈਂ ਆਖਿਆ, ‘ਖ਼ਾਲਸਾ ਗਿਣਤੀ ਮਿਣਤੀ ਵਿਚ ਨਹੀਂ ਆਉਂਦਾ। ਲੈ ਆਪਣੇ ਚਲਾਣ ਵਾਲੀ ਵਰੰਟ ਲਿਸਟ ਅਤੇ ਨਾਂਅ ਬੋਲੀ ਜਾਹ, ਅਸੀਂ ਇਕ ਇਕ ਕਰਕੇ ਬਾਹਰੋਂ ਅੰਦਰ (ਡੱਬੇ ਵਿਚ) ਹੋਈ ਜਾਂਦੇ ਹਾਂ।’ ਅਸੀਂ
ਡੱਬਿਓਂ ਉਤਰ ਕੇ ਏਸ ਤਰ੍ਹਾਂ ਉਸ ਦਾ ਘਰ ਪੂਰਾ ਕੀਤਾ ਤਾਂ ਉਸ ਵਿਚਾਰੇ ਦੀ ਜਾਨ ਵਿਚ ਜਾਨ ਆਈ। ਗੱਜਦੇ ਜੈਕਾਰਿਆਂ ਵਿਚ ਪਿਆਨੇ ਹੋਏ। ਗੱਡੀ ਵਿਚ ਬੈਠ ਕੇ ਰਹਿਰਾਸ ਦਾ ਪਾਠ ਹੋਇਆ। ਫ਼ੌਜਾਂ ਕੀਰਤਨ ਸੋਹਿਲਾ ਪੜ੍ਹ ਕੇ ਥਾਉਂ ਥਾਈਂ ਆਸਣ ਜਮਾ ਬੈਠੀਆਂ। ਰਾਤੋ-ਰਾਤ ਸਾਰਾ ਬੰਗਾਲ ਦਾ ਇਲਾਕਾ ਲੰਘ ਗਏ
ਅਤੇ ਦਿਨ ਚੜ੍ਹਦੇ ਕਰਦੇ ਹੀ ਵਾਲਟੇਅਰ ਪਹੁੰਚ ਗਏ। ਏਥੇ ਮਦਰਾਸ ਹਾਤੇ ਦਾ ਇਲਾਕਾ ਆ ਗਿਆ।

ਮਦਰਾਸ ਪੁਲਿਸ ਦੇ ਚਾਰਜ ਵਿਚ

ਵਾਲਟੇਅਰ ਸਟੇਸ਼ਨ ਉਤੇ ਮਦਰਾਸ ਪੁਲਿਸ ਸਾਡਾ ਚਾਰਜ ਲੈਣ ਲਈ ਖੜੀ ਸੀ। ਇਸ ਦਾ ਹੈਡ ਅਫ਼ਸਰ ਇਕ ਅਜਿਹਾ ਖੁਰਾਂਟ ਗੋਰਾ ਇੰਨਸਪੈਕਟਰ ਸੀ ਕਿ ਇਸ ਨੇ ਚਾਰਜ ਲੈਂਦੇ ਸਾਰ ਹੀ ਆਪਣਾ ਖੁਰਾਂਟਪੁਣਾ ਖਿਲਾਰਨਾ ਸ਼ੁਰੂ ਕਰ ਦਿਤਾ। ਵਾਲਟੇਅਰ ਤੋਂ ਪਹਿਲਾਂ ਮਿਸ਼ਨਰੀ ਗੋਰੇ ਨਾਲ ਭੀ ਝੜਪ ਹੋ ਗਈ ਸੀ, ਕਿਉਂਕਿ ਇਕ ਬੜਾ ਮਾਨਨੀਕ ਖੱਦਰ ਪੋਸ਼ ਕਾਂਗਰਸੀ ਦੇਸ਼ ਭਗਤ ਫਲ ਫਲੋਹਾਰ ਆਦਿਕ ਭੇਟਾ ਲੈ ਕੇ ਸੰਗਤ ਵਲ ਨੂੰ ਵਧਿਆ ਤਾਂ ਇਸ ਨੇ ਉਸ ਨੂੰ ਧੱਕਾ ਮਾਰਿਆ। ਇਸ ਦੇ ਧੱਕਾ ਮਾਰਨ ਦੀ ਦੇਰ ਹੀ ਸੀ ਕਿ ਅਸੀਂ ਸਾਰੇ ਜਣੇ ਭਬਕ ਕੇ ਪਏ ਤਾਂ ਘਾਬਰ ਗਿਆ। ਪਰ ਉਸ ਦੀ ਕਿਸਮਤ ਨੂੰ ਓਥੇ ਅੰਗਰੇਜ਼ੀ ‘ਹਿੰਦੂ’ ਅਖ਼ਬਾਰ ਦਾ ਐਡੀਟਰ ਮਿਸਟਰ ਟੀ. ਪ੍ਰਕਾਸ਼ਮ ਆ ਕੇ ਵਿਚ ਪੈ ਗਿਆ। ਮਸਾਂ ਮਸਾਂ ਉਸ ਨੇ ਰਫ਼ਾ ਦਫ਼ੀ ਕਰਾਈ ਅਤੇ ਓਹੋ ਫਲ ਫਲੋਹਾਰਨੀ ਭੇਟਾ ਕਰਵਾ ਦਿਤੀ। ਨਾਲੇ ਗੱਲੀਂ ਬਾਤੀਂ ਉਸ ਨੂੰ ਖੂਬ ਤਾੜਿਆ ਅਤੇ ਸ਼ਰਮਿੰਦਾ ਕੀਤਾ। ਖਾਸ ਕਰ ਕੇ ਜਦੋਂ ਮਿਸਟਰ ਪ੍ਰਕਾਸ਼ਮ ਨੇ ਉਸ ਦੇਸ਼ ਭਗਤ ਦੀ ਹੈਸੀਅਤ (ਦੁਨਿਆਵੀ ਪੋਜ਼ੀਸ਼ਨ) ਦੱਸੀ ਤਾਂ ਸੁਣ ਕੇ ਗੋਰੇ ਨੂੰ ਭੀ ਹੋਸ਼ ਆ ਗਈ।

ਟੱਟੀ ਪਿਸ਼ਾਬ ਸਬੰਧੀ ਤਕਲੀਫ਼

ਹੁਣ ਅਸੀਂ ਏਸ ਖੁਰਾਂਟ ਗੋਰੇ ਦੇ ਵਸ ਪਏ ਤਾਂ ਉਸ ਨੇ ਟੱਟੀ ਪਿਸ਼ਾਬ ਲਈ ਗੱਡੀ ਤੋਂ ਉਤਰਨ ਦੀ ਸਖ਼ਤ ਮਨਾਹੀ ਕਰ ਦਿਤੀ। ਸਾਡੇ ਡੱਬੇ ਨੂੰ ਜਿੰਦਰੇ ਲਗਵਾ ਦਿਤੇ, ਫੇਰ ਕਿਸੇ ਸਟੇਸ਼ਨ ’ਤੇ ਨਾ ਖੋਲ੍ਹਣ ਦਿਤੇ। ਹਰੇਕ ਸਟੇਸ਼ਨ ਪਰ ਆਪ ਬਾਹਰ ਨਿਕਲ ਕੇ ਖੜਾ ਹੋ ਜਾਵੇ, ਪਰ ਸਾਨੂੰ ਨਿਕਲਣ ਨਾ ਦੇਵੇ। ਸਾਥੋਂ ਅਲੱਗ ਇਕ ਖਾਨੇ ਵਿਚ ਜਾ ਬੈਠਿਆ ਕਰੇ ਜੋ ਸਾਡੇ ਡੱਬੇ ਦੇ ਲਾਗੇ ਹੀ ਸੀ। ਪਾਪੀ ਹਿਰਦੇ ਨੂੰ ਆਪਣਾ ਪਾਪ ਆਪ ਹੀ ਮਾਰ ਦਿੰਦਾ ਹੈ। ਕਈ ਵਾਰ ਸਾਡੇ ਜਬਰਜੰਗ ਥੀਆਂ ਦੀ ਇਹ ਸਲਾਹ ਹੋਈ ਕਿ ਉਸ ਤੋਂ ਚਾਬੀ ਖੋਹ ਲਈਏ ਪਰ ਉਹ ਭੀ ਮਹਾਂ ਖੁਰਾਂਟ ਸੀ, ਸਾਡੇ ਡੱਬੇ ਦੇ ਨੇੜੇ ਹੀ ਨਾ ਆਵੇ, ਖ਼ਬਰੇ ਸਾਡੇ ਸਾਥੀਆਂ ਦੀ ਅੱਖ ਪਛਾਣ ਗਿਆ। ਸਵੇਰ ਤੋਂ ਲੈ ਕੇ ਸ਼ਾਮ ਤਾਈਂ ਉਸ ਨੇ ਸਾਨੂੰ ਅਜਿਹੀ ਕੁੜਿੱਕੀ ਵਿਚ ਰਖਿਆ ਕਿ ਬਹੁਤ ਸਾਰੇ ਸੱਜਣ ਟੱਟੀ ਪਿਸ਼ਾਬ ਕਰਨ ਖੁਣੋਂ ਤੰਗ ਆ ਗਏ। ਸੈਂਟਰੀ ਦੇ ਬੀਮਾਰਾਂ ਦਾ ਤਾਂ ਬਹੁਤ ਹੀ ਬੁਰਾ ਹਾਲ ਹੋਇਆ। ਸਾਰਾ ਦਿਨ ਪਿਸ਼ਾਬ ਬੰਦ ਰਖਣਾ ਕੋਈ ਥੋੜੀ ਔਖ ਵਾਲੀ ਗੱਲ ਹੈ? ਇਸ ਕਾਰਨ ਅਸੀਂ ਛਕਣਾ ਛਕਾਉਣਾ ਅਤੇ ਜਲ ਪਾਨ ਕਰਨਾ ਭੀ ਛੱਡ ਦਿਤਾ, ਨਹੀਂ ਤਾਂ ਬਹੁਤ ਹੀ ਔਖੇ ਹੁੰਦੇ। ਦਿਨ ਛਿਪੇ ਰਹਿਰਾਸ ਦੇ ਪਾਠ ਤੋਂ ਪਿਛੋਂ ਚਲੀ ਜਾਂਦੀ ਗੱਡੀ ਵਿਚ ਸਾਰੇ ਜਣੇ ਸਲਾਹ ਕਰਨ ਲੱਗੇ ਕਿ ਇਸ ਪਾਮਰ ਨੂੰ ਜ਼ਰੂਰ ਹੱਥ ਦਿਖਾਉਣੇ ਚਾਹੀਦੇ ਹਨ ਤਾਂ ਕਿ ਅੱਗੇ ਵਾਸਤੇ ਸਬਕ ਸਿਖ ਜਾਵੇ ਅਤੇ ਅੱਗੇ ਨੂੰ ਨਾ-ਵਾਜਬ ਤਕਲੀਫ ਕਿਸੇ ਨੂੰ ਦੇਣ ਸੰਬੰਧੀ ਕੰਨਾਂ ਨੂੰ ਹੱਥ ਲਾ ਲਵੇ। ਦਾਸ ਨੇ ਇਕ ਐਸਾ ਨੁਕਤਾ ਸੁਝਾਇਆ ਜੋ ਸਾਰਿਆਂ ਦੇ ਪਸੰਦ ਆ ਗਿਆ। ਉਹ ਇਹ ਸੀ ਕਿ ‘ਹੁਣ ਰਾਤ ਨੂੰ ਨੌਂ ਬਜੇ ਵੱਖੋ ਵੱਖ
ਸਟੇਸ਼ਨਾਂ ਤੇ ਸਾਡੇ ਵਿਚੋਂ ਵੱਖੋ ਵੱਖ ਜੱਥਿਆਂ ਨੂੰ ਨੀਯਤ ਕੀਤੀ ਵੰਡ ਅਨੁਸਾਰ ਵੱਖੋ ਵੱਖ ਜੇਲ੍ਹਾਂ ਵਿਚ ਲੈ ਜਾਣ ਲਈ ਉਤਾਰਨਗੇ ਤਾਂ ਤੁਸੀਂ ਉਤਰਨੋਂ ਆਕੀ ਹੋ ਜਾਓ, ਉਹ ਕਿਸ ਤਰ੍ਹਾਂ? ਬਸ, ਜਦੋਂ ਵੀ ਸਾਡੇ ਵਿਚੋਂ ਕਿਸੇ ਨੂੰ ਉਤਾਰਨ ਲਈ ਜਿਸ ਕਿਸੇ ਦਾ ਨਾਂ ਪੁਕਾਰੇ, ਉਹ ਪੁਕਾਰ ਦਾ ਕੋਈ ਉਤਰ ਨਾ ਦੇਵੇ, ਸਭ ਮਸਤ ਹੋ ਰਹੋ। ਆਪੇ ਹੀ ਬੋਲ ਬੋਲ ਕੇ ਹੰਭ ਜਾਵੇਗਾ। ਨਾਉਂ ਤਾਂ ਸਾਡਾ ਉਹ ਕਿਸੇ ਦਾ ਵੀ ਨਹੀਂ ਜਾਣਦਾ, ਨਾ ਹੀ ਮਦਰਾਸ ਦੇ ਪੁਲਿਸੀਏ ਹੀ ਜਾਣਦੇ ਹਨ। ਹਜ਼ਾਰੀ ਬਾਗ਼ ਜੇਲ੍ਹ ਦੇ ਵਾਕਫ਼ ਕੇਵਲ ਦੋ ਹੀ ਸਿਪਾਹੀ ਸਾਡੇ ਨਾਲ ਹਨ, ਉਹ ਨਵੇਂ ਹੀ ਹਨ, ਉਹਨਾਂ ਵਿਚੋਂ ਭੀ ਕਿਸੇ ਨੂੰ ਪਤਾ ਨਹੀਂ ਕਿ ਸਾਡੇ ਵਿਚੋਂ ਕਿਸੇ ਦਾ ਕੀ
ਨਾਉਂ ਹੈ।’ ਇਹ ਮੰਤ੍ਰ ਸਾਰਿਆਂ ਨੇ ਹੀ ਪੱਕ ਪਕਾ ਲਿਆ ਅਤੇ ਸਾਥ ਹੀ ਜੇਲ੍ਹ ਨੰਬਰੀ ਕੱਪੜੇ ਵੀ ਵਟਾ ਦਿਤੇ, ਭਾਵ ਹਰ ਇਕ ਕੱਪੜਾ ਅੱਡੋ ਅੱਡ ਨੰਬਰਾਂ ਦਾ ਇਕ ਦੂਜੇ ਤੀਜੇ ਚੌਥੇ ਤੋਂ ਵਟਾ ਕੇ ਪਾ ਲਿਆ।

ਰਾਜ ਮੰਦਰੀ ਸਟੇਸ਼ਨ ਤੇ ਨਿਰਾਲਾ ਮੋਰਚਾ
ਰਾਤ ਦੇ ਨੌਂ ਬਜੇ ਦੇ ਕਰੀਬ ਰਾਜਮੰਦਰੀ ਸਟੇਸ਼ਨ ਆ ਗਿਆ। ਅਸੀਂ ਪੰਜਾਂ ਸਿੰਘਾਂ ਨੇ ਉਥੇ ਉਤਰਨਾ ਸੀ। ਗੱਡੀ ਖੜ੍ਹਦੀ ਸਾਰ ਹੀ ਰਾਜਮੰਦਰੀ ਪੁਲਿਸ ਇੰਨਸਪੈਕਟਰ ਗੋਰਾ ਅਤੇ ਜੇਲ੍ਹ ਅਫ਼ਸਰ ਸਾਡੇ ਡੱਬੇ ਪਾਸ ਪਹੁੰਚ ਗਏ। ਏਧਰੋਂ ਸਾਡੇ ਇੰਚਾਰਜ ਇੰਨਸਪੈਕਟਰ ਸਾਹਿਬ ਭੀ ਉਹਨਾਂ ਨੂੰ ਜਾ ਮਿਲੇ। ਆਪਸ ਵਿਚ ਹੀ ਕਾਗਜ਼ ਪੱਤਰ ਵੇਖ ਚਾਖ ਕੇ ਇਕ ਗੋਰਾ ਅਫ਼ਸਰ ਵਾਰੋ ਵਾਰੀ ਸਾਡੇ ਪੰਜਾਂ ਸਿੰਘਾਂ ਦੇ ਨਾਂ ਪੁਕਾਰਨ ਲੱਗਾ ਅਤੇ ਹੁਕਮ ਦਿਤਾ ਕਿ ਜਿਸ ਦਾ ਨਾਂ ਪੁਕਾਰਿਆ ਜਾਂਦਾ ਹੈ, ਉਹ ਗੱਡੀ ਤੋਂ ਬਾਹਰ ਆ ਜਾਵੇ। ਪਰ ਆਵੇ ਕੌਣ, ਸਾਡੇ ਵਿਚੋਂ ਤਾਂ ਕੋਈ ਕੁਸਕੇ ਹੀ ਨਾ, ਪਏ ਬਾਹਰ ਇਸ ਤਰ੍ਹਾਂ ਖੜ੍ਹੇ ਪੁਕਾਰਨ:-

ਰੰਣਧਰ ਸਿੰਘ- ਚੁਪ। ਕਰਟਰ ਸਿੰਘ- ਚੁਪ। ਗੈਂਡਾ ਸਿੰਘ- ਚੁਪ। ਹਰਨਾਮ ਸਿੰਘ- ਚੁਪ। ਅਜਨ ਸਿੰਘ- ਚੁਪ। ਚੁਪ ਹੀ ਚੁਪ। ਬਸ ਇਉਂ ਪ੍ਰਤੀਤ ਹੋਵੇ ਕਿ ਸਾਡੇ ਡੱਬੇ ਵਿਚ ਬੁੱਤ ਹੀ ਬੁੱਤ ਧਰੇ ਹੋਏ ਸਨ। ਜਦ ਸਾਡਾ ਖੁਰਾਂਟ ਇੰਨਸਪੈਕਟਰ ਗੋਰਾ ਉੱਚੀ ਉੱਚੀ ਤਲੱਫਜ਼ ਕਈ ਤਰੀਕਿਆਂ ਨਾਲ ਬਣਾ ਬਣਾ ਕੇ ਬੋਲ
ਬੋਲ ਥੱਕ ਗਿਆ ਅਤੇ ਸਾਡੇ ਵੱਲੋਂ ਚੁੱਪ ਤੋਂ ਬਿਨਾਂ ਕੋਈ ਉੱਤਰ ਨਾ ਮਿਲਿਆ ਤਾਂ ਰਾਜਮੰਦਰੀ ਪੁਲਿਸ ਦਾ ਗੋਰਾ ਇੰਨਸਪੈਕਟਰ ਜੋ ਪਹਿਲੇ ਨਾਲੋਂ ਕੁਛ ਚੰਗੀ ਹਿੰਦੁਸਤਾਨੀ ਬੋਲ ਸਕਦਾ ਸੀ, ਵਧਿਆ ਅਤੇ ਸਾਡੀ ਲਿਸਟ ਹੱਥ ਵਿਚ ਲੈ ਕੇ ਆਪਣੇ ਜਾਣੇ ਠੀਕ ਠੀਕ ਨਾਮ ਪੁਕਾਰਨ ਲੱਗਾ। ਉਸ ਤੋਂ ਭੀ ਸ਼ੁਧ ਨਾਮ ਨਾ
ਪੁਕਾਰੇ ਜਾਣ। ਗੱਲ ਕੀ ਤਲੱਫਜ਼ ਹੀ ਠੀਕ ਨਾ ਉਚਾਰ ਸਕੇ ਜੈਸਾ ਕਿ ਰਣਧੀਰ ਸਿੰਘ ਨੂੰ ਕਦੇ ਰੰਢਰ ਸਿੰਘ ਕਦੇ ਰਣਢੀਰ ਸਿੰਘ ਬੋਲੇ, ਕਰਤਾਰ ਸਿੰਘ ਨੂੰ ਕਦੇ ਕਰਟਾਰ ਸਿੰਘ ਕਦੇ ਕਾਰਟਰ ਸਿੰਘ ਬੋਲੇ। ਏਸੇ ਪ੍ਰਕਾਰ ਵਿਚਾਰਾ ਮੂੰਹ ਪਾੜ ਪਾੜ ਥੱਕ ਰਿਹਾ। ਅਸੀਂ ਗੱਡੀਓਂ ਹੇਠਾਂ ਤਾਂ ਕੀ ਉਤਰਨਾ ਸੀ, ਸਾਡੇ ਵਿਚੋਂ
ਕੋਈ ਆਵਾਜ਼ ਹੀ ਨਾ ਦੇਵੇ। ਸਾਰੇ ਗੋਰੇ ਅਫ਼ਸਰ ਦੋਹਾਂ ਜੇਲ੍ਹ ਸਿਪਾਹੀਆਂ ਦੇ ਉਦਾਲੇ ਹੋਏ ਕਿ ਹੁਣ ਤੁਸੀਂ ਇਹਨਾਂ ਦੇ ਨਾਮ ਦੱਸੋ ਅਤੇ ਰਾਜਮੰਦਰੀ ਜੇਲ੍ਹ ਵਿਚ ਜਾਣ ਵਾਲੇ ਪੰਜਾਂ ਸਿੱਖਾਂ ਨੂੰ ਛਾਂਟ ਕੇ ਡੱਬੇ ਵਿਚੋਂ ਕੱਢੋ ਜਾਂ ਸਾਨੂੰ ਹੱਥ ਹੀ ਲਾ ਲਾ ਕੇ ਦੱਸੋ। ਉਹ ਆਪ ਹੀ ਕੰਨਾਂ ਨੂੰ ਹੱਥ ਲਾਉਣ ਲੱਗੇ ਕਿ ‘ਅਸੀਂ ਇਹਨਾਂ ਦੇ
ਨਾਮ ਨਹੀਂ ਜਾਣਦੇ ਪਰ ਦਾਸ ਨੂੰ ਫੜ ਕੇ ਕਹਿਣ ਲੱਗੇ ਕਿ ਅਸੀਂ ਇਸ ਨੂੰ ਜਾਣਦੇ ਹਾਂ, ਇਸ ਨੂੰ ਸਾਧੂ ਜੀ! ਸਾਧੂ ਜੀ ਕਰ ਕੇ ਜੇਲ੍ਹ ਵਿਚ ਸਾਰੇ ਅਫ਼ਸਰ ਅਤੇ ਸਿਪਾਹੀ ਲੋਗ ਬੁਲਾਇਆ ਕਰਦੇ ਸੀ, ਹੋਰ ਅਸੀਂ ਨਾਮ ਇਸ ਦਾ ਭੀ ਨਹੀਂ ਜਾਣਦੇ।’

ਦੋਹਾਂ ਜੇਲ੍ਹ ਸਿਪਾਹੀਆਂ ਦੇ ਉਤਰ ਸੁਣ ਕੇ ਸਭ ਅਫ਼ਸਰਾਂ ਦੇ ਛੱਕੇ ਛੁੱਟ ਗਏ ਅਤੇ ਬੜੇ ਹੀ ਨਿਰਾਸ ਨਿਮੋਝਾਣੇ ਹੋ ਕੇ ਸਾਡੇ ਅੱਗੇ ਮਿੰਨਤਾਂ ਕਰਨ ਲੱਗੇ ਕਿ ਕ੍ਰਿਪਾ ਕਰਕੇ ਆਪੋਂ ਹੀ ਪੰਜ ਜਣੇ ਹੇਠਾਂ ਉਤਰ ਆਵੋ। ਪਲੇਟ ਫਾਰਮ ਉਤੇ ਤਕੜਾ ਇਕੱਠ ਹੋ ਗਿਆ। ਤਮਾਸ਼ਬੀਨ ਲੋਕਾਂ ਨੇ ਸਾਡੇ ਡੱਬੇ ਦੇ ਸਾਹਮਣੇ
ਅਫ਼ਸਰਾਂ ਨੂੰ ਘੇਰਾ ਪਾ ਲਿਆ ਜਿਹਨਾਂ ਵਿਚ ਰਾਜਮੰਦਰੀ ਦੇ ਕਾਂਗਰਸੀ ਲੀਡਰ ਭੀ ਸ਼ਾਮਲ ਸਨ ਜੋ ਕਿ ਸਾਨੂੰ ਹੀ ਉਤਰਦਿਆਂ ਨੂੰ ਵੇਖਣ ਆਏ ਸੀ। ਜਦੋਂ ਪੂਰਾ ਇਕੱਠ ਹੋ ਗਿਆ ਤਾਂ ਡੱਬੇ ਦੇ ਅੰਦਰੋਂ ਬਾਰੀ ਵਿਚ ਹੀ ਪਲੇਟਫਾਰਮ ਤੇ ਖੜੇ ਸਾਰੇ ਸਰੋਤਿਆਂ ਨੂੰ ਸਨਮੁਖ ਹੋ ਕੇ ਵੀਰ ਕਰਤਾਰ ਸਿੰਘ ਨੇ ਅੰਗਰੇਜ਼ੀ ਵਿਚ
ਰਸਤੇ ਦੇ ਸਾਰੇ ਅਤਿਆਚਾਰ ਅਤੇ ਬਦਸਲੂਕੀਆਂ ਜੋ ਜੋ ਉਸ ਖੁਰਾਂਟ ਸਾਹਿਬ ਨੇ ਕੀਤੀਆਂ ਸਨ, ਸਭ ਡੱਕੋ ਡੱਕਾ ਉਘੇੜੀਆਂ ਤੇ ਸਾਡੀ ਚੁੱਪ ਦਾ ਕਾਰਣ ਸਾਰਿਆਂ ਨੂੰ ਸਮਝਾਇਆ ਗਿਆ। ਇੰਨਸਪੈਕਟਰ ਨੂੰ ਚਾਰ ਚੁਫੇਰਿਓਂ ਫਿਟਕਾਰਾਂ ਅਤੇ ਸ਼ੇਮ ਸ਼ੇਮ ਦੀ ਬੁਛਾੜ ਪੈਣ ਲੱਗੀ ਅਤੇ ਗੋਰੇ ਦੀ ਰੰਗਤ ਸ਼ਰਮ ਦੇ ਮਾਰੇ ਪੀਲੀ ਭੂਕ ਹੋ ਗਈ।

ਰਾਜਮੰਦਰੀ ਤੋਂ ਆਏ ਜ਼ੁੰਮੇਂਵਾਰ ਅਫ਼ਸਰਾਂ ਨੇ ਆਪਣੀ ਜ਼ੁੰਮੇਂਵਾਰੀ ਉਤੇ ਫੌਰਨ ਡੱਬੇ ਦੇ ਤਾਲੇ ਖੁਲ੍ਹਾ ਕੇ ਸਾਨੂੰ ਟੱਟੀ ਪਿਸ਼ਾਬ ਦੀ ਖੁਲ੍ਹ ਦਿਤੀ। ਸਭ ਨੇ ਯਥਾਸ਼ਕਤ ਹਾਜਤ-ਰਫਾਈ ਕੀਤੀ। ਕਈਆਂ ਨੂੰ ਤਾਂ ਕਬਜ਼ੀਆਂ ਹੀ ਹੋ ਗਈਆਂ। ਕਈਆਂ ਨੂੰ ਸਿਰ ਦਰਦੀਆਂ ਦੀ ਸ਼ਕਾਇਤ ਹੋ ਗਈ। ਅਸੀਂ ਮਿੰਟਾਂ ਵਿਚ ਹੀ ਫਾਰਗ ਹੋ ਕੇ ਸਾਰੇ ਦੇ ਸਾਰੇ ਫੇਰ ਡੱਬੇ ਵਿਚ ਹੀ ਆ ਵੜੇ। ਉਹ ਪੰਜਾਂ ਨੂੰ ਨਿਰਾਲੇ ਕਰਨ ਲਈ ਲੇਲ੍ਹੜੀਆਂ ਕੱਢਣ, ਅਸੀਂ ਕਿਸੇ ਦੀ ਸੁਣੀਏ ਹੀ ਨਾ। ਰਾਜਮੰਦਰੀ ਜੇਲ੍ਹ ਕਰਮਚਾਰੀਆਂ ਜੋ ਓਥੇ ਆਏ ਹੋਏ ਸਨ ਉਹ ਭੀ ਅਤੇ ਹੋਰ ਜ਼ੁੰਮੇਂਵਾਰ ਸਰਕਾਰੀ ਅਫ਼ਸਰ ਸਾਨੂੰ ਬਥੇਰਾ ਯਕੀਨ ਦਿਵਾਉਣ ਕਿ ਹੁਣ ਤੁਹਾਡੇ ਨਾਲ ਬਦਸਲੂਕੀ ਨਹੀਂ ਹੋਵੇਗੀ, ਪਰ ਅਸੀਂ ਉਹਨਾਂ ਨੂੰ ਇਹੋ ਆਖੀਏ ਕਿ “ਅਬਤੁਮਰੀਪਰਤੀਤਿਨਹੋਈ॥"(ਆਸਾਕਬੀਰਜੀਉਕੇਦੁਪਦੇ; ੪੮੪) ਉਹ ਸਾਰੇ ਜਣੇ ਉਸ ਇੰਨਸਪੈਕਟਰ ਨੂੰ ਲਾਅਨਤਾਂ ਪਾਉਣ। ਉਹ ਭੀ ਹੁਣ ਹੀਣਾ ਝੀਣਾ ਹੋ ਕੇ ਮਿੰਨਤਾਂ ਤਰਲੇ ਲਵੇ ਅਤੇ ਵਾਸਤੇ ਕੱਢੇ ਕਿ ‘ਰੱਬ ਦੇ ਵਾਸਤੇ ਹੁਣ ਤੁਸੀਂ ਉੱਤਰ ਪਵੋ।’ ਅਸੀਂ ਆਖਿਆ ‘ਹੁਣ ਆਪਣਾ ਆਰਡਰ ਪੂਰਾ ਹੀ ਰਖੋ। ਦਿਨ ਦਿਹਾੜੇ ਤਾਂ ਸਾਨੂੰ ਗੱਡੀਓਂ ਹੇਠਾਂ ਪੈਰ ਨਹੀਂ ਪਾਉਣ ਦਿਤਾ,ਹੁਣ ਤਾਂ ਰਾਤ ਪਈ ਹੋਈ ਹੈ, ਕਿਉਂ ਆਪਣਾ ਆਰਡਰ ਆਪ ਹੀ ਤੋੜਦੇ ਹੋ। ਆਪਣੇ ਆਰਡਰ ਦੀ ਪੂਛ ਘੁਟ ਕੇ ਫੜੀ ਰਖੋ, ਅਸੀਂ ਤੁਹਾਡੇ ਆਰਡਰ ਉਤੇ ਪੱਕੇ ਹੀ ਰਹਿਣਾ ਹੈ ਅਤੇ ਇਸ ਆਰਡਰ ਦੇ ਮਜ਼ੇ
ਤੁਹਾਨੂੰ ਚਖਾਉਣੇ ਹਨ।’ ਸਾਨੂੰ ਇਸ ਬਿਧ ਲੋਹੇ ਦੀ ਲੱਠ ਹੋਏ ਵੇਖ ਕੇ ਸਭ ਨਿਰਾਸ ਹੋ ਗਏ ਕਿ ਹੁਣ ਇਹ ਨਹੀਂ ਉਤਰਣਗੇ। ਗੱਡੀ ਇਸ ਸਟੇਸ਼ਨ ਉਤੇ ਖੜੀ ਨੂੰ ਭੀ ਪੌਣਾ ਘੰਟਾ ਹੋ ਚੁਕਿਆ ਸੀ, ਹਾਲਾਂ ਕਿ ਉਥੇ ਦਸ ਪੰਦਰਾਂ ਮਿੰਟ ਹੀ ਠਹਿਰਨੀ ਸੀ। ਹਾਰ ਹੰਭ ਕੇ ਮਜਬੂਰਨ ਗੱਡੀ ਤੋਰਨੀ ਹੀ ਪਈ ਅਤੇ ਖ਼ਾਲਸਾ ਜੈਕਾਰੇ ਗਜਾਉਂਦਾ ਤੇ ਭੂਤਨੀ ਤੇ ਖੜਾ ਚੜ੍ਹਾ ਭੂਤਨੀ ਸਵਾਰ ਹੀ ਰਿਹਾ, ਕੋਈ ਭੀ ਨਾ ਉਤਰਿਆ। ਤੇਈ ਦੀਆਂ ਤੇਈ ਲੱਖ ਫ਼ੌਜਾਂ ਗਜਦੀਆਂ ਵਜਦੀਆਂ ਧੁਰ ਮਦਰਾਸ ਜਾ ਉਤਰੀਆਂ।

ਸਾਰੇ ਤਾਰਾਂ ਫਿਰ ਗਈਆਂ ਕਿ ਪੰਜਾਬੀ ਸਿੱਖ ਇਸ ਬਿਧ ਆਕੀ ਹੋ ਗਏ। ਓਧਰ ਆਂਧਰਾ ਪ੍ਰਾਂਤ ਦੇ ਦੇਸ਼ ਭਗਤਾਂ ਨੇ ਭੀ ਸਾਰੇ ਖ਼ਬਰਾਂ ਧੁਮਾ ਦਿਤੀਆਂ ਕਿ ਭੈੜੇ ਸਲੂਕ ਤੇ ਜ਼ਬਰ ਜ਼ੋਰਾਂ ਦੇ ਕਾਰਣ ੧੯੧੪-੧੫ ਵਾਲੇ ਸਿੱਖ ਪੁਲੀਟੀਕਲ ਕੈਂਦੀਆਂ ਨੇ ਨਿਰਾਲੀ ਨਾਨ ਕੋ-ਓਪਰੇਸ਼ਨ (ਨਾ-ਮਿਲਵਰਤਨ ਸਤਿਆਗ੍ਰਹ) ਕਰ
ਦਿਖਾਈ ਅਤੇ ਜਰਵਾਣਿਆਂ ਨੂੰ ਸਬਕ ਸਿਖਣੀ ਸਜ਼ਾ ਦਿਤੀ।

ਮਦਰਾਸ ਸਟੇਸ਼ਨ ਤੇ ਜੇਲ੍ਹ

ਮਦਰਾਸ ਸਟੇਸ਼ਨ ਉਤੇ ਭੀ ਅਸੀਂ ਆਪੋਂ ਨਾ ਉਤਰਦੇ ਪਰ ਉਥੇ ਜਾ ਕੇ ਉਹਨਾਂ ਸਾਡਾ ਡੱਬਾ ਹੀ ਟਰੇਨਨਾਲੋਂ ਕੱਟ ਦਿਤਾ ਅਤੇ ਬਾਹਰ ਪਲੇਟਫਾਰਮ ਉਤੇ ਦਰੀਆਂ ਐਉਂ ਵਿਛ ਗਈਆਂ ਜਿਵੇਂ ਕਿਸੇ ਜਨੇਤ ਦੀ ਆਗਤ ਭਾਗਤ ਕਰਨੀ ਹੁੰਦੀ ਹੈ। ਮਦਰਾਸ ਦੇ ਜੇਲ੍ਹ ਕਰਮਚਾਰੀ ਸਿਆਣਿਆਂ ਨੇ ਇਹ ਪ੍ਰਬੰਧ ਕੀਤਾ ਸੀ। ਅਸੀਂ ਦਰੀਆਂ ਉਤੇ ਸਜ ਗਏ। ਪਈਆਂ ਖਾਤਰਾਂ ਹੋਣ ਲੱਗੀਆਂ ਪਰ ਸਭ ਸਰਕਾਰੀ ਕਰਮਚਾਰੀ ਹੀ ਦਿਸਣ ਕਿਉਂਕਿ ਦੇਵਨੇਤ ਐਸੀ ਹੋਈ ਕਿ ਉਸ ਸਮੇਂ ਮਦਰਾਸ ਸਟੇਸ਼ਨ ਉਤੇ ਕੋਈ ਭੀ ਦੇਸ਼ ਭਗਤ ਨਾ ਦਿਸੇ। ਖ਼ੱਦਰਪੋਸ਼ੀ ਦਾ ਕਿਤੇ ਨਾਮ ਨਿਸ਼ਾਨ ਭੀ ਨਾ ਦਿਸੇ। ਸਭ ਥਾਈਂ ਬਦੇਸ਼ੀ ਸਾੜ੍ਹੀਆਂ ਵਾਲੇ ਐਧਰ ਉਧਰ ਮੂੰਹ ਚੁੱਕੀ ਫਿਰਨ, ਹਾਲਾਂਕਿ ਪਿਛਲੇ ਸਭ ਸਟੇਸ਼ਨਾਂ ਉਤੇ ਖੱਦਰਪੋਸ਼ ਭਗਤਾਂ ਦੀ ਇਤਨੀ ਭਰਮਾਰ ਰਹਿੰਦੀ ਸੀ ਕਿ ਸਾਡੀ ਗੱਡੀ ਉਤੇ ਤਮਾਸ਼ਬੀਨਾਂ ਦੀ ਘਟਾ ਛਾ ਜਾਂਦੀ।
ਖਾਸ ਸ਼ਹਿਰ ਮਦਰਾਸ ਦਾ ਇਹ ਹਾਲ ਦਿੱਸੇ ਕਿ ਮਾਨੋ ਉਥੇ ਦੇਸ਼ ਭਗਤੀ ਦਾ ਮੁਸ਼ਕ ਭੀ ਨਹੀਂ। ਸਾਨੂੰ ਜਿਸ ਪ੍ਰਕਾਰ ਪਲੋਸ ਪਲਾਸ ਕੇ ਅਤੇ ਮਿੰਨਤ ਸਮਾਜਤ ਕਰ ਕੇ ਸੈਂਟਰਲ ਜੇਲ੍ਹ ਮਦਰਾਸ ਵਿਚ ਲੈ ਗਏ, ਸੋ ਬੜੀ ਵਿਸਥਾਰਕ ਕਥਾ ਹੈ। ਜਿਸ ਦੇ ਦੱਸਣ ਤੋਂ ਪੁਸਤਕ ਦਾ ਆਕਾਰ ਵਧਣ ਦਾ ਡਰ ਹੈ। ਜੇਲ੍ਹ ਵਿਚ ਲੈ ਜਾ ਕੇ ਸਾਨੂੰ ਇਕ ਖੁਲ੍ਹੇ ਦਾਲਾਨ ਵਿਚ ਉਤਾਰ ਦਿਤਾ। ਬੜੀਆਂ ਖਾਤਰਾਂ ਤੇ ਨਿਉਣੀਆਂ ਛਿਉਣੀਆਂ ਕਰਨ ਲੱਗੇ। ਅਸੀਂ ਸਵੇਰ ਤੋਂ ਲੈ ਕੇ ਤੀਜੇ ਪਹਿਰ ਤਕ ਉਥੇ ਹੀ ਬਿਰਾਜੇ। ਉਥੋਂ ਦਾ ਜੇਲ੍ਹਰ ਜੋ ਕਿ ਗੋਰਾ ਹੀ ਸੀ, ਬੜੀ ਹੀ ਖੁਸ਼ ਖੁਲਕੀ ਅਤੇ ਸ਼ਰਾਫ਼ਤ ਨਾਲ ਪੇਸ਼ ਆਇਆ। ਉਸ ਨੇ ਸਾਨੂੰ ਦੱਸਿਆ ਕਿ ‘ਜਿਸ ਇੰਨਸਪੈਕਟਰ ਨੇ ਤੁਹਾਨੂੰ ਨਾਜਾਇਜ਼ ਤਕਲੀਫ਼ ਦਿਤੀ ਹੈ ਉਸ ਦੀ ਕਰਨੀ ਦਾ ਫਲ ਅੱਜ ਹੀ ਮਿਲ ਗਿਆ ਹੈ। ਉਸ ਨੂੰ ਇਕ ਦਮ ਉਤਾਰੂ (ਦੲਗਰੳਦੲ) ਕੀਤਾ ਗਿਆ ਹੈ ਅਤੇ ਰਾਜਮੰਦਰੀ ਤੋਂ ਐਥੇ ਤਕ ਸਾਰਿਆਂ ਦੇ ਲਿਆਉਣ ਦਾ ਤੇ ਮੁੜ ਉਥੇ ਲੈ ਜਾਣ ਦਾ ਸਮੇਤ ਗਾਰਦ ਦੇ ਖਰਚ ਭੀ ਉਸ ਜੁੰਮੇ ਮੜ੍ਹਿਆ ਗਿਆ ਹੈ। ਹੁਣ ਉਸ ਨੂੰ ਖਾਸੀ ਸਜ਼ਾ ਮਿਲ ਚੁੱਕੀ ਹੈ। ਮੇਰੀ ਹਾਲਤ ਅਤੇ ਮੇਰੇ ਸਿਰ ਪੈਣ ਵਾਲੀਆਂ ਮੁਸੀਬਤਾਂ ਨੂੰ ਮੁਖ ਰਖ ਕੇ ਮਿਹਰਬਾਨੀ ਕਰ ਕੇ ਆਪੇ ਹੀ ਆਪੋ ਆਪਣੇ ਜਥਿਆਂ ਦੇ ਨਾਂ ਦਸ ਦੇਵੋ, ਤਾਂ ਕਿ ਤੁਹਾਨੂੰ ਥਾਉਂ ਥਾਈਂ ਅਮਨ ਨਾਲ ਪਹੁੰਚਾਇਆ ਜਾਵੇ।’ ਸਾਡੀ ਦਲੀਲ ਸੀ ਕਿ ਹਜ਼ਾਰੀ ਬਾਗ਼ ਜੇਲ੍ਹ ਦੇ ਜੇਲ੍ਹਰ ਮੀਕ ਸਾਹਿਬ ਨੂੰ ਭੀ ਕੁਛ ਸੇਕ ਲੱਗੇ ਜਿਸ ਨੇ ਇਹ ਕੋਝਾ ਇੰਤਜ਼ਾਮ ਕਰ ਕੇ ਇਤਨੀ ਤਕਲੀਫ਼ ਸਾਨੂੰ ਦਿਤੀ, ਭਾਵ ਪਿਸ਼ਾਬ ਟੱਟੀ ਬਿਹੂਣ ਡੱਬਾ ਸਾਡੇ ਲਈ ਲਾ ਕੇ ਇਹ ਤਕਲੀਫ਼ ਦਿਤੀ, ਪਰ ਮਦਰਾਸ ਜੇਲ੍ਹ ਦੇ ਗੋਰੇ ਅਫ਼ਸਰਾਂ ਨੇ ਸਾਡੇ ਨਾਲ ਸ਼ਰਾਫਤ ਭਰੇ ਸਲੂਕ ਦਾ ਵਰਤਾਉ ਕਰਕੇ ਸਾਨੂੰ ਠੰਡੇ ਕਰ ਲਿਆ। ਬੜੀ ਹੀ ਠੰਡੀ ਪਾਲਸੀ ਵਰਤੀ। ਸਾਡੀ ਖੁਸ਼ਨੂਦੀ ਲੈਣ ਖਾਤਰ ਸਾਡੇ ਕਾਲੇ ਪਾਣੀਓਂ ਵਾਪਸ ਆਏ ਚਿਰੀਂ ਵਿਛੁੰਨੇ ਭਰਾਵਾਂ ਨਾਲ ਸਾਡਾ ਖੁਲ੍ਹਮ-ਖੁਲ੍ਹਾ ਮੇਲ ਕਰਾ ਦਿਤਾ। ਅਸੀਂ ਖੂਬ ਪਰਸਪਰ ਬਰਸਾਂ ਬੱਧੀ ਵਿਛੋੜਿਆਂ ਪਿਛੋਂ ਗਲ਼ ਮਿਲ ਕੇ ਬੁਖਾਰ ਕੱਢੇ ਅਤੇ ਖੂਬ ਗਹਿਰੇ ਗਫਿਆਂ ਵਾਲੀਆਂ ਦੇਗਾਂ ਸਜੀਆਂ। ਪ੍ਰੇਮ ਛਾਂਦਿਆਂ ਦੀ ਲਹਿਰ ਬਹਿਰ ਸਵਾ ਪਹਿਰ ਹੁੰਦੀ ਰਹੀ।
ਭਾਣੇ ਅੰਦਰ ਕਰਤਾਰ ਨੇ ਇਹ ਮੇਲੇ ਕਰਾਉਣੇ ਸਨ, ਭਾਣੇ ਅੰਦਰ ਹੀ ਸਤਿਆ ਗ੍ਰਹਿ ਸੁਝੀ, ਜਿਸ ਦੇ ਤੁਫੈਲ ਮਦਰਾਸ ਆ ਕੇ ਉਤਾਰੇ ਹੋਏ ਅਤੇ ਭਾਣੇ ਅੰਦਰ ਹੀ ਰਾਸਕੁਮਾਰੀ ਦੇ ਕੁਰਬੋ ਜੁਆਰ ਵੇਖਣ ਵਾਲਾ ਸੁਪਨ ਦ੍ਰਿਸ਼ਟਾਂਤ ਪੂਰਾ ਹੋਣਾ ਸੀ, ਜੋ ਵੀਰ ਕਰਤਾਰ ਸਿੰਘ ਜੀ ਨੇ ਯਾਦ ਕਰਾਇਆ ਕਿ ਹਜ਼ਾਰੀ ਬਾਗ਼
੧੯੨੦ ਤੋਂ ਪਹਿਲਾਂ ਭਾਈ ਅਤਰ ਸਿੰਘ ਜੀ ਜੋ ਸੰਜੋਗੀ-ਸਾਥੀਅੜੇ ਨੇ ਜਦੋਂ ਪੁਛਿਆ ਕਿ ‘ਭਾਈ ਸਾਹਿਬ ਜੀ ਝਬਦੇ ਹੀ ਬੰਦ ਖਲਾਸੀਆਂ ਦੇ ਦ੍ਰਿਸ਼ਟਾਂਤ ਦਿਸਦੇ ਹਨ’, ਤਿਸ ਪਰ ਅਸਾਂ ਆਖਿਆ ਕਿ ‘ਵੀਰ ਜੀ! ਤੁਸਾਡੇ ਦ੍ਰਿਸ਼ਟਾਂਤ ਭੀ ਸਹੀ ਹਨ, ਤੁਸੀਂ ਜ਼ਰੂਰ ਰਿਹਾ ਹੋ ਜਾਣਾ ਹੈ, ਪਰ ਅਸੀਂ ਤਾਂ ਅਜੇ ਰਾਸ-ਕੁਮਾਰੀ ਦੇ ਪਾਸੇ ਦੀ ਸੈਰ ਕਰਨੀ ਹੈ। ਸਾਨੂੰ ਤਾਂ ਇਉਂ ਹੀ ਦ੍ਰਿਸ਼ਟਾਂਤ ਦਿਖਾਈ ਦੇ ਰਹੇ ਹਨ।’ ਸੋ ਵੀਰ ਅਤਰ ਸਿੰਘ ਤਾਂ ੧੯੨੦ ਦੀ ਖੁਲ੍ਹੀ ਛੋਟ (ਗੲਨੲਰੳਲ ਚਲੲਮੲਨਚੇ) ਵਿਚ ਹੀ ਛੁੱਟ ਗਏ ਅਤੇ ਸਾਡਾ ਰਾਸ ਕੁਮਾਰੀ ਦੇ ਪਾਸੇ ਵਾਲਾ ਦ੍ਰਿਸ਼ਟਾਂਤ ਹੁਣ ਸੁਤੇ ਸਿਧ ਹੀ ਆਪਣੀ ਪੂਰਤੀ ਉਪਰ ਆ ਗਿਆ। ਸਚਮੁਚ ਦਾਸ ਨੂੰ ਯਾਦ ਭੀ ਨਹੀਂ ਸੀ। ਵੀਰ ਅਤਰ ਸਿੰਘ ਜੀ ਨਾਲ ਹੋਏ ਦ੍ਰਿਸ਼ਟਾਂਤ ਸਬੰਧੀ ਬਚਨ ਬਿਲਾਸ ਸਭ ਵਿਸਰ ਗਏ ਸਨ ਜੋ ਹੁਣ ਸ੍ਰੀ ਭਾਈ ਕਰਤਾਰ ਸਿੰਘ ਸਾਹਿਬ ਸਹਿਤ ਗੋਸ਼ਟ ਕਰਦਿਆਂ ਯਾਦ ਆਏ। ਸੋ ਉਕਤ ਰਾਜਮੰਦਰੀ ਉਤਰਨੋਂ ਆਕੀ ਹੋਣ ਦਾ ਸਤਿਆਗ੍ਰਹਿ ਮਤਾਂਤ ਭਾਣੇ ਅੰਦਰ ਸੁਤੇ ਸੁਫੁਰ ਹੀ ਸੀ। ਮਿਣਿਆ ਮਿਥਿਆ ਹੋਇਆ ਨਹੀਂ ਸੀ। ਸੋ ਇਹ ਸਭ ਕੁਛ ਭਾਣੇ ਅੰਦਰ ਹੀ ਹੋਣਾ ਸੀ। ਨਾ ਹੀ ਸਾਡੇ ਅੰਦਰ ਕਿਸੇ ਤੋਂ ਬਦਲਾ ਲੈਣ ਦੀ ਸਪਿਰਟ ਵਾਲੀ ਅੰਧ-ਨੀਅਤੀ ਗੰਢ ਹੀ ਸੀ। ਅਸੀਂ ਤਾਂ ਕੇਵਲ ਭੂਸਰੇ ਹੋਏ ਪਾਮਰਾਂ ਨੂੰ ਸੋਧਾ ਚਾੜ੍ਹਨਾ, ਸਬਕ ਦੇ ਕੇ ਸੁਮੱਤੇ ਲਾਉਣਾ ਹੀ ਲੋੜਦੇ ਸੀ। ਸਿਪਾਹੀਆਂ ਦੀਆਂ ਬੰਦੂਕਾਂ ਕਾਬੂ ਕਰਨੀਆਂ ਤੇ ਵਾਪਸ ਦੇਣੀਆਂ ਬਦਲਾ ਲੈਣਾ ਹੁੰਦਾ ਤਾਂ ਅਸੀਂ ਰਾਹ ਵਿਚ ਹੀ ਬਥੇਰੇ ਪਿੱਸੂ ਪਾ ਦਿੰਦੇ ਕਿਉਂਕਿ ਜਦੋਂ ਗੱਡੀ ਵਿਚ ਆਉਂਦਿਆਂ ਰਾਤ ਨੂੰ ਸਾਰੇ ਸਿਪਾਹੀ ਸਾਰਜੰਟ ਆਦਿਕ ਸੁਸਰੀ ਵਾਂਗੂੰ ਸਉਂ ਗਏ ਸਨ ਅਤੇ ‘ਸ੍ਰੀਮਾਨ ਜੀ’ ਦੇ ਖ਼ਾਲਸਈ ਖਿਤਾਬ ਵਾਲੇ ਸ੍ਰੀ ਭਾਈ ਗੁੱਜਰ ਸਿੰਘ, ਨਿਹੰਗ ਗੰਡਾ ਸਿੰਘ ਆਦਿਕ ਵੀਰਾਂ ਨੇ ਉਹਨਾਂ ਪਾਸੋਂ ਸਾਰੀਆਂ ਸੰਗੀਨਾਂ ਸੰਞੁਕਤੀ ਭਰੀਆਂ ਭਰਾਤੀਆਂ ਰਫ਼ਲਾਂ (ਬੰਦੂਕਾਂ) ਗੋਲੀ ਗਠੇ ਸਮੇਤ ਖਿਸਕਾ ਕੇ ਇਕੱਠੀਆਂ ਆਪਣੇ ਆਪਣੇ ਖਾਨੇ ਵਿਚ ਕਾਬੂ ਕਰਕੇ ਦਾਸ ਨੂੰ ਦਿਖਾ ਦਿਤੀਆਂ ਸਨ ਅਤੇ ਹਰਨ ਹੋਣ ਦਾ ਇਸ਼ਾਰਾ ਹੀ ਭਾਲਦੇ ਸਨ, ਪਰੰਤੂ ਦਾਸ ਨੇ ਉਨ੍ਹਾਂ ਪਾਸ ਬੇਨਤੀ ਕੀਤੀ ਸੀ ਕਿ ‘ਅਸੀਂ ਕਿਸੇ ਤੋਂ ਬਦਲਾ ਇਸ ਭਾਂਤੇ ਨਹੀਂ ਲੈਣਾ। ਇਹ ਖ਼ਾਲਸਈ ਸਪਿਰਟ ਨਹੀਂ। ਇਸ ਸਮੇਂ ਸਾਰਾ ਦੇਸ ਤਾਂ ਘਰਾਂ ਨੂੰ ਛਡ ਕੇ ਜੇਲ੍ਹਾਂ ਨੂੰ ਧਾਈ ਕਰ ਰਿਹਾ ਹੈ, ਅਸੀਂ ਹੁਣ ਦੇਸ ਦੇਸਾਂਤਰੀ ਜੇਲ੍ਹਾਂ ਨੂੰ ਛੱਡ ਕੇ ਘਰਾਂ ਨੂੰ ਨਸਣ ਭਜਣ ਲਈ ਯਤਨ ਕਰੀਏ, ਇਹ ਖ਼ਾਲਸਈ ਸ਼ਾਨ ਦੇ ਸ਼ਾਇਆਂ ਨਹੀਂ। ਸਾਡੇ ਇਹਨਾਂ ਸਰਕਾਰੀ ਰਾਖੇ ਰਖਵਾਲਿਆਂ ਨੂੰ
ਇਤਨੀ ਸ਼ਰਮਿੰਦਗੀ ਬਥੇਰੀ ਹੈ। ਉਹਨਾਂ ਨੂੰ ਇਕ ਇਕ ਨੂੰ ਜਗਾ ਕੇ ਹਰੇਕ ਦਾ ਆਪੋ ਆਪਣਾ ਰਫ਼ਲ ਗੋਲੀ ਗੱਠਾ ਉਹਨਾਂ ਨੂੰ ਸੌਂਪ ਦੇਵੋ।’ ਸੋ ਐਸਾ ਹੀ ਕੀਤਾ ਗਿਆ ਸੀ, ਜਿਸ ਖ਼ਾਲਸਈ ਦਿਲਾਵਰੀ ਨੂੰ ਦੇਖ ਕੇ ਉਹ ਦੰਗ ਰਹਿ ਗਏ ਸਨ। ਸੋ ਖ਼ਾਲਸਈ ਦਿਲਾਵਰੀ ਸਹਿਨਸ਼ੀਲਤਾ ਵਾਲੀ ਸੂਰਮਗਤੀ ਵਿਚ ਵਧੀਕ ਹੈ, ਬਦਲਾ ਲਾਊ ਪਾਲਿਸੀ ਵਿਚ ਨਹੀਂ। ਇਸ ਪ੍ਰਕਾਰ ਦੀਆਂ ਵਿਚਾਰਾਂ ਵਿਚਾਰ ਕੇ ਅਸੀਂ ਮਦਰਾਸ ਜੇਲ੍ਹ ਅਤੇ ਆਂਧਰਾ ਸੂਬੇ ਦੇ ਪੁਲਿਸ ਅਫ਼ਸਰਾਂ ਨੂੰ ਆਪਣੇ ਨਾਮ ਦਸਣ ਲਈ ਸਹਿਮਤ ਹੋ ਗਏ।

ਉਹਨਾਂ ਅਫ਼ਸਰਾਂ ਨੇ ਭੀ ਸਾਰਾ ਮਾਮਲਾ ਖ਼ਾਲਸੇ ਦੇ ਰਹਿਮ ਉਤੇ ਹੀ ਛਡ ਦਿਤਾ। ਜਦੋਂ ਐਸੀ ਹੋ ਗਈ ਤਾਂ ਅਸਾਂ ਨੇ ਸਭ ਤੋਂ ਪਹਿਲਾਂ ਖਾਸ ਮਦਰਾਸ ਜੇਲ੍ਹ ਦੀ ਵੰਡ ਵਿਚ ਆਏ ਤਿੰਨੇ ਸਾਥੀਅੜੇ ਓਹਨਾਂ ਦੇ ਪੁਰਦ ਕਰ ਦਿਤੇ ਅਤੇ ਸਾਡੇ ਸਾਹਮਣੇ ਉਹਨਾਂ ਨੇ ਬੜੀ ਭਲਮਣਸਊ ਨਾਲ ਉਹਨਾਂ ਨੂੰ ਸੰਭਾਲਿਆ ਅਤੇ ਪੁਲੀਟੀਕਲ ਕੈਦੀਆਂ ਵਾਲੇ ਸਾਰ ਹਕੂਕ ਦੇ ਦਿਤੇ। ਬਸਤਰ ਆਦਿ ਖਾਧ ਖ਼ੁਰਾਕ ਦੇ ਸਾਰੇ ਸਾਮਾਨ ਸਾਡੇ ਸਾਹਮਣੇ ਮੁਹੱਈਆ ਕਰ ਦਿਤੇ ਤਾਂ ਫੇਰ ਖ਼ਾਲਸਾ ਭੀ ਪੰਘਰ ਪਿਆ, ਧੜਾ ਧੜ ਆਪੋ ਆਪਣੇ ਨਾਉਂ ਪੁਕਾਰਨੇ ਸ਼ੁਰੂ ਕਰ ਦਿਤੇ। ਨਾਵਾਂ ਦੀ ਪੁਕਾਰ ਸ਼ੁਮਾਰ ਹੁੰਦੇ ਸਾਰ ਵੱਖੋ ਵੱਖ ਨੀਯਤ ਜੇਲ੍ਹਾਂ ਨੂੰ ਨੀਯਤ ਕੀਤੇ
ਜਥੇ ਤੋਰ ਦਿਤੇ ਗਏ।

No comments:

Post a Comment